Categories
False Christianity

ਝੂਠੇ ਪ੍ਰਚਾਰਕਾਂ ਪ੍ਰਤੀ ਪ੍ਰਮੇਸ਼ਵਰ ਸਾਡੇ ਕੋਲੋਂ ਕੀ ਚਾਹੁੰਦੇ ਹਨ?

“ਦੋਸ਼ ਨਾ ਲਗਾਓ” ਨਵੀਂ ਮਸੀਹੀਅਤ ਦਾ ਮੰਤਰ ਬਣ ਚੁਕਾ ਹੈ ਹਾਲਾਂਕਿ ਬਹੁਤ ਘੱਟ ਲੋਕ ਹਨ ਜੋ ਇਸ ਆਇਤ ਦਾ ਅਸਲੀ ਮਤਲਬ ਵੀ ਸਮਝਦੇ ਹੋਣਗੇ। ਇਹੀ ਕਾਰਨ ਹੈ ਕਿ ਅੱਜ ਪ੍ਰਭੁ ਯਿਸੂ ਮਸੀਹ ਦੇ ਮੇਜ ਉੱਤੋਂ ਕੁਝ ਨਾਸਮਝ ਲੋਕ ਤੇਲ, ਪਾਣੀ, ਸਾਬੁਣ, ਰੁਮਾਲ, ਪੈੱਨ, ਅਤੇ ਹੋਰ ਕਈ ਤਰਾਂ ਦਾ ਸਮਾਨ ਵੇਚ ਰਹੇ ਹਨ ਅਤੇ ਮਸੀਹੀ ਲੋਕ ਇਹੀ ਸੋਚ ਕੇ ਚੁਪ ਹਨ ਕਿ ਅਸੀਂ ਕਿਸੇ ਦਾ ਨਿਆਂ ਨਹੀਂ ਕਰ ਸਕਦੇ। ਪਰ ਕੀ ਹੋਵੇਗਾ ਜੇਕਰ ਗਲਤ ਸਿੱਖਿਆ ਫੈਲਾਉਣ ਵਾਲਿਆਂ ਬਾਰੇ ਚੁਪ ਰਹਿ ਕਿ ਅਸੀਂ ਪ੍ਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ਼ ਕੰਮ ਕਰਦੇ ਪਾਏ ਗਏ? ਕੀ ਹੋਵੇਗਾ ਜੇਕਰ ਪ੍ਰਮੇਸ਼ਵਰ ਦੀ ਮਰਜੀ ਹੋਵੇ ਕਿ ਅਸੀਂ ਗਲਤ ਸਿੱਖਿਆ ਬਰਦਾਸ਼ਤ ਨਾ ਕਰੀਏ? ਕੁਝ ਤਾਂ ਗਲਤ ਹੈ ਜਿਸਨੇ ਸਾਨੂੰ ਇਹ ਭੁੱਲਣ ਵਿੱਚ ਮਜ਼ਬੂਰ ਕਰ ਦਿੱਤਾ ਕਿ ਪ੍ਰਮੇਸ਼ਵਰ ਜਿਹੜਾ ਕਿ ਆਪ ਮੁੱਖ ਚਰਵਾਹਾ ਹੈ ਓਹ ਆਪਣੀਆਂ ਭੇਡਾਂ ਦੇ ਚਰਵਾਹਿਆਂ ਨੂੰ ਜਿੰਮੇਵਾਰ ਨਹੀਂ ਠਹਿਰਾਵੇਗਾ ਜੇਕਰ ਓਹ ਉਸਦੀਆ ਭੇਡਾਂ ਦੀ ਰਖਵਾਲੀ ਨਹੀਂ ਕਰਨਗੇ। ਬਾਇਬਲ ਇਹ ਸਾਫ਼-ਸਾਫ਼ ਦੱਸਦੀ ਹੈ ਕਿ ਅਸੀਂ ਜਿੰਮੇਵਾਰ ਹਾਂ ਕਿ ਉਸਦੀਆ ਭੇਡਾਂ ਨੂੰ ਸਹੀ ਚਾਰਾ – ਬਿਨਾ ਮਿਲਾਵਟ ਪ੍ਰਚਾਰ- ਪ੍ਰਦਾਨ ਕਰੀਏ।

      ਹੁਣ ਚਲਦੇ ਹਾਂ ਵੱਡੇ ਅਤੇ ਮੁਖ ਸਵਾਲਾਂ ਵੱਲ: ਕਲੀਸਿਯਾ ਵਿੱਚ ਸਾਨੂੰ ਕਿਸ ਢੰਗ ਨਾਲ ਝੂਠੇ ਪ੍ਰਚਾਰਕਾਂ ਬਾਰੇ ਗੱਲ ਕਰਨੀ ਚਾਹੀਦੀ ਹੈ? ਆਓ ਦੇਖਦੇ ਹਾਂ ਕਿ ਬਾਇਬਲ ਇਸ ਵਿਸ਼ੇ ਉੱਤੇ ਕੀ ਚਾਨਣਾ ਪਾਉਂਦੀ ਹੈ।

ਪ੍ਰਭੁ ਯਿਸੂ ਮਸੀਹ ਨੇ ਬਰਦਾਸ਼ਤ ਕਰਨ ਦੀ ਬਜਾਏ ਢੁੱਕਵਾਂ ਜਵਾਬ ਦਿੱਤਾ

  • ਮੱਤੀ 23 ਵਿੱਚ ਸ਼ਰਾ ਦਾ ਗਲਤ ਅਨੁਵਾਦ ਕਰਨ ਕਰਕੇ ਫ਼ਰੀਸੀਆਂ ਲਈ ਪ੍ਰਭੁ ਯਿਸੂ ਦੁਆਰਾ ਵਰਤੇ ਗਏ ਕੁਝ ਸ਼ਬਦ ਇਸ ਤਰ੍ਹਾਂ ਹਨ: 6 ਵਾਰ ਕਪਟੀ, ਅੰਨੇ ਆਗੂ, ਅੰਨੇ ਮੂਰਖ, ਅੰਨੇ, ਕਲੀ ਕੀਤੀਆਂ ਹੋਈਆਂ ਕਬਰਾਂ, ਨਬੀਆਂ ਦੇ ਖ਼ੂਨੀਆਂ ਦੇ ਪੁੱਤਰ, ਸੱਪ ਅਤੇ ਨਾਗਾਂ ਦੇ ਬੱਚੇ ਆਦਿ।
  • ਉਹਨਾਂ ਦੇ ਗਲਤ ਅਨੁਵਾਦ ਨੂੰ ਲੋਕਾਂ ਦੇ ਸਾਹਮਣੇ ਝਿੜਕਿਆ (ਮੱਤੀ 23:16-22)
  • ਉਹਨਾਂ ਦੀ ਬਾਹਰੀ ਦਿਖਾਵੇ ਦੀ ਭਗਤੀ ਕਰਨ ਲਈ ਨਿੰਦਿਆ ਕੀਤੀ (ਮੱਤੀ 23:25-26)
  • ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਸਜ਼ਾ ਨਰਕ ਹੋਵੇਗੀ (ਮੱਤੀ 23:33)
  • ਲੋਕਾਂ ਨੂੰ ਦੱਸਿਆ ਕਿ ਫਰੀਸੀਆਂ ਦੀ ਸਿੱਖਿਆ ਸੱਚੀ ਨਹੀਂ ਹੈ (ਮੱਤੀ 23:8-12)
  • ਥੂਆਤੀਰੇ ਦੇ ਪਾਸਬਾਨ ਨੂੰ ਈਜਬਲ ਨਾਮਕ ਝੂਠੀ ਨਬੀਆ ਨੂੰ ਝੱਲਣ ਲਈ ਝਿੜਕਿਆ (ਪਰਕਾਸ਼ ਦੀ ਪੋਥੀ 2:20)
  • ਚੇਲਿਆਂ ਨੂੰ ਫਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਬਚਣ ਲਈ ਕਿਹਾ (ਮੱਤੀ 16:6-12)
  • ਝੂਠੇ ਨਬੀਆਂ ਨੂੰ ਪਾੜਨ ਵਾਲੇ ਬਘਿਆੜ ਕਿਹਾ ਅਤੇ ਇਹਨਾਂ ਤੋਂ ਹੁਸ਼ਿਆਰ ਰਹਿਣ ਲਈ ਕਿਹਾ (ਮੱਤੀ 7:15)
  • ਆਪਣੇ ਆਪ ਨੂੰ ਅਬਰਾਹਾਮ ਦੀ ਸੰਤਾਨ ਕਹਿਣ ਵਾਲੇ ਯਹੂਦੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਪਿਉ ਸ਼ੈਤਾਨ ਤੋਂ ਹੋ (ਯੂਹੰਨਾ 8:44)

ਚੇਲਿਆਂ ਨੇ ਗਲਤ ਸਿੱਖਿਆ ਨੂੰ ਬਰਦਾਸ਼ਤ ਕਰਨ ਦੀ ਬਜਾਏ ਢੁੱਕਵਾਂ ਜਵਾਬ ਦਿੱਤਾ

ਸਿਰਫ ਪ੍ਰਭੁ ਯਿਸੂ ਮਸੀਹ ਨੇ ਹੀ ਨਹੀਂ ਸਗੋਂ ਓਹਨਾਂ ਦੇ ਚੇਲਿਆਂ ਨੇ ਵੀ ਗਲਤ ਸਿੱਖਿਆ ਦੇ ਜ਼ਹਿਰ ਨੂੰ ਕਲੀਸਿਯਾ ਵਿੱਚ ਫੈਲਣ ਤੋਂ ਰੋਕਣਾ ਜਰੂਰੀ ਸਮਝਿਆ। ਆਉ ਕੁਝ ਆਇਤਾਂ ਨੂੰ ਦੇਖਦੇ ਹਾਂ

  • ਇਹਨਾਂ ਦੀ ਤਾੜ ਰੱਖਣ (to mark them out) ਅਤੇ ਲਾਂਭੇ ਰਹਿਣ (to avoid) ਲਈ ਕਿਹਾ (ਰੋਮੀਆਂ 16:17)
  • ਏਹੋ ਜਿਹੇ ਲੋਕਾਂ ਨੂੰ ਝੂਠੇ ਰਸੂਲ, ਛਲੀਏ, ਅਤੇ ਆਪਣੇ ਆਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਣ ਵਾਲੇ ਕਿਹਾ (2 ਕੁਰਿੰਥੀਆਂ 11:13)
  • ਝੂਠੇ ਪ੍ਰਚਾਰਕਾਂ ਨੂੰ ਲੋਕਾਂ ਨੂੰ ਖੁਸ਼ ਕਰਨ ਵਾਲਾ ਪ੍ਰਚਾਰ ਕਰਨ ਵਾਲੇ, ਖਰੀ ਸਿੱਖਿਆ ਪ੍ਰਚਾਰ ਨਾ ਕਰਨ ਵਾਲੇ, ਸੱਚਾਈ ਤੋਂ ਦੂਰ ਅਤੇ ਖਿਆਲੀ ਕਹਾਣੀਆਂ ਸੁਣਾਉਣ ਵਾਲੇ ਕਿਹਾ (2 ਤਿਮੋਥਿਉਸ 4:3-4)
  • ਝੂਠੇ ਪ੍ਰਚਾਰਕਾਂ ਨੂੰ “ਬਾਹਲੇ ਢੀਠ”, “ਬਕਵਾਦੀ”, ਅਤੇ “ਛਲੀਏ” ਕਿਹਾ (ਤੀਤੁਸ 1:10)
  • ਇਹਨਾਂ ਨੂੰ ਝੂਠੇ ਨਫੇ ਦੇ ਨਮਿੱਤ ਘਰਾਂ  ਨੂੰ ਉਲਟ ਸੁੱਟਣ ਵਾਲੇ ਕਿਹਾ (ਤੀਤੁਸ 1:11)
  • ਕੋਈ ਵੀ ਨਵੀਂ ਸਿੱਖਿਆ ਜੋ ਰਸੂਲਾਂ ਦੁਆਰਾ ਨਹੀਂ ਸਿਖਾਈ ਗਈ, ਓਸਨੂੰ ਬਕਵਾਸ ਕਿਹਾ (1 ਤਿਮੋਥਿਉਸ 1:6)
  • ਕਿਹਾ ਕਿ ਇਹਨਾਂ ਦੇ ਕਾਰਨ ਸੱਚਿਆਈ ਦੇ ਮਾਰਗ ਦੀ ਬਦਨਾਮੀ ਹੁੰਦੀ ਹੈ (2 ਪਤਰਸ 2:2)
  • ਕਿਹਾ ਕਿ ਲੋਭ ਦੇ ਮਾਰੇ ਓਹ ਲੋਕਾਂ ਨੂੰ ਖੱਟੀ ਦਾ ਸਾਧਨ ਬਣਾ ਲੈਂਦੇ ਹਨ (2 ਪਤਰਸ 2:3)
  • ਇਹ ਝੂਠੇ ਗੁਰੂ ਪਸ਼ੂਆਂ ਦੀ ਨਿਆਈਂ ਬੁਧਹੀਨ ਹਨ; ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਕੀਤੇ ਜਾਣ ਲਈ ਉਤਪਤ ਕੀਤੇ ਗਏ ਹਨ; ਜਿੰਨਾ ਗੱਲਾਂ ਨੂੰ ਨਹੀਂ ਸਮਝਦੇ ਓਹਨਾਂ ਗੱਲਾਂ ਦਾ ਕੁਫਰ ਬਕਦੇ ਹਨ (2 ਪਤਰਸ 2:12)
  • ਪ੍ਰਮੇਸ਼ਵਰ ਦੇ ਇੱਜੜ ਨੂੰ ਨੁਕਸਾਨ ਪਹੁਚਾਉਣ ਵਾਲੇ ਇਹ ਬਘਿਆੜ ਕਲੀਸਿਯਾ ਵਿੱਚੋਂ ਵੀ ਖੜੇ ਹੁੰਦੇ ਹਨ (ਰਸੂਲ 20:29-30)
  • ਓਹ ਸੰਸਾਰ ਤੋਂ ਹਨ, ਸੰਸਾਰ ਦੀਆਂ ਗੱਲਾਂ ਕਰਦੇ ਹਨ ਅਤੇ ਸੰਸਾਰ ਇੰਨਾਂ ਦੀ ਸੁਣਦਾ ਵੀ ਹੈ (1 ਯੂਹੰਨਾ 4:5)
  • ਲਾਲਚ ਵਿੱਚ ਮਾਹਿਰ ਉਹ ਅਸਥਿਰ ਲੋਕਾਂ ਨੂੰ ਮੋਹ ਲੈਂਦੇ ਹਨ (2 ਪਤਰਸ 2:14)
  • ਓਹ ਸੁੱਕੇ ਖੂਹ, ਹਨੇਰੀ ਦੇ ਉਡਾਏ ਹੋਏ ਬੱਦਲ ਹਨ (2 ਪਤਰਸ 2:17)
  • ਓਹ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਲੋਕਾਂ ਨੂੰ ਭੁਚਲਾ ਲੈਂਦੇ ਹਨ ਕਿਉਂਕਿ ਉਹ ਸ਼ਰੀਰ ਦੀਆਂ ਕਾਮਨਾਵਾਂ ਨੂੰ ਸੰਤੁਸ਼ਟ ਕਰਦੇ ਹਨ (2 ਪਤਰਸ 2:18)
  • ਲੋਕਾਂ ਨੂੰ ਉਹ ਆਜ਼ਾਦੀ ਦੇ ਵਾਅਦੇ ਕਰਦੇ ਹਨ ਪਰ ਉਹ ਖੁਦ ਵੀ ਵਿਨਾਸ਼ ਦੇ ਗੁਲਾਮ ਹਨ (2 ਪਤਰਸ 2:19)
  • ਮਸੀਹ ਦੀ ਸਿੱਖਿਆ ਤੋਂ ਮੁੜਨ ਵਾਲੇ ਨੂੰ ਪ੍ਰਮੇਸ਼ਵਰ ਦਾ ਵਚਨ ਕੁੱਤੇ ਅਤੇ ਸੂਰ ਵਰਗੇ ਜਾਨਵਰਾਂ ਨਾਲ ਮਿਲਾਉਂਦਾ ਹੈ (2 ਪਤਰਸ 2:22)
  • ਉਹ ਸਾਡੇ ਵਿੱਚੋਂ ਨਹੀਂ ਹਨ ਜੋ ਮਸੀਹ ਦੀ ਦੇਹ ਅਤੇ ਦੁਲਹਨ ਹਾਂ (1 ਯੂਹੰਨਾ 2:19)

ਸਾਡਾ ਉੱਤਰ ਕਿ ਹੋਣਾ ਚਾਹੀਦਾ ਹੈ?

  • ਸਹੀ ਸਿਖਿਆ ਦਾ ਵਿਰੋਧ ਕਰਨ ਵਾਲਿਆਂ ਨੂੰ ਬੇਨਕਾਬ/ਕਾਇਲ ਕਰਨਾਂ ਚਾਹੀਦਾ ਹੈ। ਇਥੇ ਯੂਨਾਨੀ ਸ਼ਬਦ ελενχειν (elenchein) ਦਾ ਇਸਤੇਮਾਲ ਕੀਤਾ ਗਿਆ ਹੈ ਜਿਸਦਾ ਮਤਲਬ ਕਾਇਲ ਕਰਨਾ, ਖੰਡਣ ਕਰਨਾ, ਜਾ ਬੇਨਕਾਬ ਕਰਨਾ ਹੈ (ਤੀਤੁਸ 1:9)
  • ਇਹਨਾ ਨੂੰ ਕਲੀਸੀਯਾ ਵਿੱਚ ਬੋਲਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ (ਤੀਤੁਸ 1:11)
  • ਕਲੀਸਿਯਾ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀ ਸਿੱਖਿਆ ਦੇਣ ਵਾਲਿਆਂ ਨੂੰ ਹੁਕਮ ਕਰਨ ਕਿ ਉਹ ਕੋਈ ਹੋਰ ਤਰਾਂ ਦੀ ਸਿਖਿਆ ਨਾ ਦੇਣ (1 ਤਿਮੋਥਿਉਸ 1:3)
  • ਕਿਸੇ ਦਾ ਕਿੰਨਾਂ ਵੱਡਾ ਨਾਮ ਹੈ ਕੋਈ ਫਰਕ ਨਹੀਂ ਪੈਂਦਾ, ਓਹਨਾਂ ਦੀ ਗਲਤੀ ਨੂੰ ਨਜ਼ਰ-ਅੰਦਾਜ ਨਹੀਂ ਕੀਤਾ ਜਾਣਾ ਚਾਹੀਦਾ (ਗਲਤੀਆਂ 2:11)

ਯਾਦ ਰੱਖੋ, ਅਸੀਂ ਜੋ ਵੀ ਵਿਸ਼ਵਾਸ਼ ਕਰਦੇ ਹਾਂ ਉਹ ਪਵਿੱਤਰ ਬਾਇਬਲ ਦੇ ਵਰਕਿਆਂ ਵਿੱਚ ਦਰਜ ਹੈ ਅਤੇ ਪ੍ਰਮੇਸ਼ਵਰ ਦਾ ਪ੍ਰਕਾਸ਼ਨ ਪ੍ਰਮੇਸ਼ਵਰ ਦੇ ਪੁੱਤਰ ਸਾਡੇ ਪ੍ਰਭੁ ਯਿਸੂ ਮਸੀਹ ਅਤੇ ਪ੍ਰਮੇਸ਼ਵਰ ਦੇ ਵਚਨ ਵਿੱਚ ਸੰਪੂਰਨਤਾ ਨਾਲ ਸਾਡੇ ਕੋਲ ਹੈ। ਕੋਈ ਵੀ ਗੱਲ ਜੋ ਪ੍ਰਮੇਸ਼ਵਰ ਦੇ ਵਚਨ ਨਾਲ ਮੇਲ ਨਹੀਂ ਖਾਂਦੀ ਓਹ ਪ੍ਰਮੇਸ਼ਵਰ ਵੱਲੋਂ ਨਹੀਂ ਹੋ ਸਕਦੀ ਕਿਉਂਕਿ ਪਰਮੇਸ਼ਵਰ ਆਪਣੀ ਹੀ ਗੱਲ ਗੱਲ ਦੇ ਉਲਟ ਕੰਮ ਨਹੀਂ ਕਰਦੇ।

ਇੱਕ ਪਾਸੇ ਕੋਈ ਵੱਡੇ ਨਾਮ ਵਾਲਾ ਇਨਸਾਨ ਕਹਿੰਦਾ ਹੈ ਕਿ ਪ੍ਰਮੇਸ਼ਵਰ ਤੁਹਾਡੀ ਹਰ ਸ਼ਰੀਰਿਕ ਜਰੂਰਤ ਪੂਰੀ ਕਰਨਗੇ ਅਤੇ ਦੂਜੇ ਪਾਸੇ ਪ੍ਰਮੇਸ਼ਵਰ ਦਾ ਵਚਨ ਦੱਸਦਾ ਹੈ ਕਿ ਸ਼ਰੀਰਿਕ ਮਨਸ਼ਾ ਮੌਤ ਹੈ ਅਤੇ ਪ੍ਰਮੇਸ਼ਵਰ ਨਾਲ ਵੈਰ ਹੈ (ਰੋਮੀਆਂ 8:7)। ਇੱਕ ਪਾਸੇ ਕੁਝ ਨਬੀ (prophets) ਅਤੇ ਰਸੂਲ/ਪ੍ਰੇਰਿਤ (apostles) ਕਹਿ ਜਾਣ ਵਾਲੇ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਪ੍ਰਮੇਸ਼ਵਰ ਵੱਲੋਂ ਦਿੱਤਾ ਕੋਈ ਨਵਾਂ ਹੀ ਪ੍ਰਕਾਸ਼ਨ ਹੈ ਜਿਹੜਾ ਅੱਜ ਤੱਕ ਕਿਸੇ ਹੋਰ ਨੂੰ ਨਹੀਂ ਦਿੱਤਾ ਗਿਆ ਅਤੇ ਦੂਜੇ ਪਾਸੇ ਪਵਿੱਤਰ ਬਾਇਬਲ ਕਹਿੰਦੀ ਹੈ ਕਿ ਜੇਕਰ ਸਵਰਗ ਦੂਤ ਵੀ ਕੋਈ ਨਵੀਂ ਖਬਰ ਸੁਣਾਵੇ ਉਸ ਖੁਸ਼ ਖਬਰੀ ਤੋਂ ਬਿਨਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ ਤਾਂ ਉਹ ਸਰਾਪਿਤ ਹੈ (ਗਲਤੀਆਂ 1:8)। ਇੱਕ ਪਾਸੇ ਇਹ ਝੂਠੇ ਨਬੀ ਅਤੇ ਰਸੂਲ ਆਪਣੀ ਸੁਰੱਖਿਆ ਲਈ ਵਚਨ ਦਾ ਗਲਤ ਅਨੁਵਾਦ ਕਰਕੇ ਲੋਕਾਂ ਨੂੰ ਕਹਿੰਦੇ ਹਨ ਕਿ ਤੁਹਾਨੂੰ ਪ੍ਰਮੇਸ਼ਵਰ ਦੇ ਚੁਣੇ ਹੋਏ ਦੇ ਵਿਰੁੱਧ ਕਦੀ ਵੀ ਕੋਈ ਸ਼ਬਦ ਨਹੀਂ ਬੋਲਨਾ ਚਾਹੀਦਾ, ਕਦੀ ਵੀ ਦੋਸ਼ ਨਾ ਲਗਾਓ, ਅਤੇ ਦੂਜੇ ਪਾਸੇ ਬਾਇਬਲ ਕਹਿੰਦੀ ਹੈ ਕਿ ਹਰ ਵਿਸ਼ਵਾਸ਼ੀ ਨੂੰ ਚਾਹੀਦਾ ਹੈ ਕਿ ਉਹ ਸਭ ਕੁਝ ਧਿਆਨ ਨਾਲ ਪਰਖਣ (1 ਥਸਲੁਨੀਕੀਆਂ 5:21-22) ਅਤੇ ਹਰ ਆਤਮੇ ਉੱਤੇ ਵਿਸ਼ਵਾਸ਼ ਨਾ ਕਰਨ ਪਰ ਸਭ ਆਤ੍ਮਿਆਂ ਨੂੰ ਪਰਖਣ ਕਿ ਉਹ ਪ੍ਰਮੇਸ਼ਵਰ ਦੇ ਵੱਲੋ ਹੈ ਜਾ ਨਹੀਂ (1 ਯੂਹੰਨਾ 4:1)।

     ਜਰੂਰੀ ਨਹੀ ਕਿ ਹਰ ਚਮਤਕਾਰ ਅਤੇ ਭਵਿੱਖਵਾਣੀ ਕਰਨ ਵਾਲਾ ਪ੍ਰਮੇਸ਼ਵਰ ਵੱਲੋਂ ਹੀ ਹੋਵੇ। ਰਸੂਲਾਂ ਦੇ ਕਰਤਵ 16 ਅਧਿਆਏ ਵਿਚਲੀ ਲੜਕੀ ਪੌਲੁਸ ਅਤੇ ਬਾਕੀਆਂ ਬਾਰੇ ਦੱਸ ਸਕਦੀ ਸੀ ਕਿ ਇਹ ਸਭ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਦੇ ਹਨ ਪਰ ਉਹਦੇ ਅੰਦਰ ਪ੍ਰਮੇਸ਼ਵਰ ਦਾ ਆਤਮਾ ਨਹੀਂ ਸੀ। ਸੱਚ ਅਤੇ ਝੂਠ ਦਾ ਫੈਸਲਾ ਪਰਮੇਸ਼ਵਰ ਦਾ ਵਚਨ ਕਰਦਾ ਹੈ।

James Masih's avatar

By James Masih

A sinner saved by grace!

Leave a comment

Design a site like this with WordPress.com
Get started